ਪੰਜਾਬ

 1500 ਮਹਿਲਾ ਪੰਚਾਂ-ਸਰਪੰਚਾਂ ਨੂੰ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਲਿਜਾਵੇਗੀ-ਮੁੱਖ ਮੰਤਰੀ

ਕੌਮੀ ਮਾਰਗ ਬਿਊਰੋ | July 10, 2025 09:17 PM

ਚੰਡੀਗੜ੍ਹ- ਸੂਬੇ ਵਿੱਚ ਔਰਤਾਂ ਦੇ ਵੱਧ ਅਧਿਕਾਰਾਂ ਪ੍ਰਤੀ ਮਹੱਤਵਪੂਰਨ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿਕਾਸ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 1500 ਮਹਿਲਾ ਸਰਪੰਚਾਂ ਤੇ ਪੰਚਾਂ ਨੂੰ ਪਵਿੱਤਰ ਅਸਥਾਨ ਨਾਂਦੇੜ ਸਾਹਿਬ ਦੇ ਦਰਸ਼ਨ ਕਰਨ ਲਈ ਭੇਜਣ ਦਾ ਫੈਸਲਾ ਕੀਤਾ ਹੈ।
ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਲਾ ਸਰਪੰਚਾਂ-ਪੰਚਾਂ ਦਾ ਆਉਣ-ਜਾਣ ਅਤੇ ਰਹਿਣ-ਸਹਿਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਸਹਿਣ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਮਹਿਲਾ ਪੰਚਾਇਤੀ ਨੁਮਾਇੰਦਿਆਂ ਦੇ ਇਸ ਪਵਿੱਤਰ ਅਸਥਾਨ ’ਤੇ ਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਬੰਦੋਬਸਤ ਕੀਤਾ ਜਾਵੇਗਾ ਅਤੇ ਮਹਾਰਾਸ਼ਟਰ ਵਿੱਚ ਇਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਪੰਜਾਬੀ ਦੇ ਦਿਲ ਵਿੱਚ ਨਾਂਦੇੜ ਸਾਹਿਬ ਪ੍ਰਤੀ ਬਹੁਤ ਸ਼ਰਧਾ ਤੇ ਮਹੱਤਵ ਹੈ ਅਤੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਜ਼ਿੰਦਗੀ ’ਚ ਘੱਟੋ-ਘੱਟ ਇਕ ਵਾਰ ਦਰਸ਼ਨ ਕਰਨ ਦੀ ਤਾਂਘ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੰਚ-ਸਰਪੰਚ ਮਹਿਲਾ ਸਸ਼ਕਤੀਕਰਨ ਦੀ ਭਾਵਨਾ ਦੀ ਮਿਸਾਲ ਹਨ ਅਤੇ ਸਰਕਾਰ ਇਨ੍ਹਾਂ ਨੂੰ ਇਸ ਤੀਰਥ ਯਾਤਰਾ ਦੇ ਦਰਸ਼ਨਾਂ ਲਈ ਲਿਜਾ ਕੇ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਚਾਹੁੰਦੀ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਮਹਿਲਾ ਸਰਪੰਚ ਤੇ ਪੰਚ ਪੰਜਾਬ ਤੇ ਪੰਜਾਬੀਆਂ ਲਈ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਪਹਿਲਕਦਮੀ ਨੂੰ ਪੁਖਤਾ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਲੋੜੀਂਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇ ਰਹੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਡੈਮਾਂ ਦੀ ਸੁਰੱਖਿਆ ਲਈ ਸੀ.ਆਈ.ਐਸ.ਐਫ. ਦੇ ਜਵਾਨਾਂ ਨੂੰ ਤਾਇਨਾਤ ਕਰਨ ਦੀ ਸਹਿਮਤੀ ਦਿੱਤੀ ਸੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੌਜੂਦਾ ਸਰਕਾਰ ਇਸ ਫੈਸਲੇ ਨੂੰ ਵਾਪਸ ਲੈਣ ਲਈ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰੇਗੀ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਭਗਵੰਤ ਸਿੰਘ ਮਾਨ ਨੇ ਕਿਹਾ, "ਜੇਕਰ ਪੰਜਾਬੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਸਕਦੇ ਹਨ ਤਾਂ ਉਹ ਆਪਣੇ ਡੈਮਾਂ ਦੀ ਰਾਖੀ ਵੀ ਕਰ ਸਕਦੇ ਹਨ।"
ਮੁੱਖ ਮੰਤਰੀ ਨੇ ਤਿੱਖੀ ਸਿਆਸੀ ਚੋਟ ਕਰਦਿਆਂ ਭਾਜਪਾ ਆਗੂ ਸੁਨੀਲ ਜਾਖੜ ਨੂੰ ਸਲਾਹ ਦਿੱਤੀ ਕਿ ਉਹ ਹੋਰ ਮੁੱਦਿਆਂ 'ਤੇ ਟਿੱਪਣੀ ਕਰਨ ਦੀ ਬਜਾਏ ਆਪਣੀ ਪਾਰਟੀ ਅਤੇ ਅਹੁਦੇ ਨੂੰ ਬਚਾਉਣ 'ਤੇ ਧਿਆਨ ਦੇਣ। ਉਨ੍ਹਾਂ ਕਿਹਾ ਕੀਤੀ ਕਿ ਸਾਬਕਾ ਕਾਂਗਰਸੀ ਆਗੂ, ਜੋ ਹੁਣ ਭਾਜਪਾ ਵਿੱਚ ਹਨ, ਲੁਧਿਆਣਾ ਜ਼ਿਮਨੀ ਚੋਣ ਵਿੱਚ ਭਗਵਾਂ ਪਾਰਟੀ ਦੀ ਹਾਰ ਤੋਂ ਬੁਰੀ ਤਰ੍ਹਾਂ ਘਬਰਾ ਗਏ ਹਨ। ਭਗਵੰਤ ਸਿੰਘ ਮਾਨ ਨੇ ਅਜਿਹੇ ਆਗੂਆਂ ਦੇ ਵਾਰ-ਵਾਰ ਵਫ਼ਾਦਾਰੀ ਬਦਲਣ ਅਤੇ ਪੰਜਾਬ ਦੇ ਲੋਕਾਂ ਦੇ ਸਰੋਕਾਰਾਂ ਪ੍ਰਤੀ ਵੀ ਵਫਾਦਾਰ ਨਾ ਰਹਿਣ ਦੀ ਸਖ਼ਤ ਆਲੋਚਨਾ ਕੀਤੀ।
ਪੰਜਾਬ ਪੁਲਿਸ ਵਿੱਚ ਸੁਧਾਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਵਿੱਚ ਮਨੁੱਖੀ ਸ਼ਕਤੀ ਅਤੇ ਸਰੋਤਾਂ ਨੂੰ ਵਧਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਜਦਕਿ ਸਾਲਾਂ ਤੋਂ ਪੁਲਿਸ ਦੀ ਨਫ਼ਰੀ ਵਿੱਚ ਵਾਧਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਫੋਰਸ ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਦੀ ਮਾਣਮੱਤੀ ਵਿਰਾਸਤ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੂਬੇ ਅਤੇ ਇਸ ਦੇ ਲੋਕਾਂ ਦੇ ਵਡੇਰੇ ਹਿੱਤ ਵਿੱਚ ਸਰਕਾਰ ਦਾ ਫਰਜ਼ ਬਣਦਾ ਹੈ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਵਿਧਾਨ ਸਭਾ ਇਜਲਾਸ ਦੌਰਾਨ ਕਾਂਗਰਸੀ ਆਗੂ ਸਮੇਤ ਵਿਰੋਧੀ ਧਿਰ ਦੇ ਆਗੂਆਂ ਦੇ "ਦੋਗਲੇ ਕਿਰਦਾਰ" ਦਾ ਪਰਦਾਫਾਸ਼ ਕਰੇਗੀ। ਉਨ੍ਹਾਂ ਨੇ ਜਾਖੜ ਅਤੇ ਬਾਜਵਾ ਵਰਗੇ ਆਗੂਆਂ 'ਤੇ ਬੇਹੂਦੇ ਮੁੱਦੇ ਉਠਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਨੂੰ ਸੱਤਾ ਵਿੱਚ ਰਹਿੰਦੇ ਸਮੇਂ ਸੂਬੇ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਸੀ। ਨਸ਼ਿਆਂ ਨਾਲ ਸਬੰਧਤ ਮੁੱਦੇ 'ਤੇ ਬੋਲਦਿਆਂ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਦੇ ਪੈਰ ਪਸਾਰਨ ਲਈ ਅਕਾਲੀਆਂ ਦੇ ਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ 'ਚਿੱਟਾ' (ਸਿੰਥੈਟਿਕ ਡਰੱਗਜ਼) ਰੈਕੇਟ ਦਾ ਸਰਗਨਾ ਇਸ ਸਮੇਂ ਨਾਭਾ ਜੇਲ੍ਹ ਵਿੱਚ ਬੰਦ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਅਜਿਹੇ ਕੰਮਾਂ ਲਈ ਕਾਨੂੰਨੀ ਤੌਰ ’ਤੇ ਨਤੀਜੇ ਭੁਗਤਣੇ ਪੈਣਗੇ।
ਮੁੱਖ ਮੰਤਰੀ ਨੇ ਕੁਝ ਕਿਸਾਨ ਯੂਨੀਅਨਾਂ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਇਹ ਆਗੂ ਹੁਣ ਸਹੀ ਅਰਥਾਂ ਵਿੱਚ ਕਿਸਾਨੀ ਨਾਲ ਜੁੜੇ ਲੋਕਾਂ ਦੇ ਹਿੱਤਾਂ ਦੀ ਨੁਮਾਇੰਦਗੀ ਨਹੀਂ ਕਰਦੇ ਸਗੋਂ ਇਸ ਦੀ ਬਜਾਏ ਇਹ ਯੂਨੀਅਨਾਂ ਆਪਣੀ ਖੁਦ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਬਣ ਗਏ ਹਨ। ਉਨ੍ਹਾਂ ਨੇ ਪ੍ਰਸਤਾਵਿਤ ਲੈਂਡ ਪੂਲਿੰਗ ਨੀਤੀ ਰਾਹੀਂ ਗੈਰ-ਕਾਨੂੰਨੀ ਕਲੋਨੀਆਂ ਦੇ ਰੁਝਾਨ ਨੂੰ ਰੋਕਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਆਗੂ ਕਹਾਉਂਦੇ ਇਹ ਲੋਕ ਇਸ ਮੁੱਦੇ 'ਤੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਅਖੀਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਕੋਲ ਵਿਦੇਸ਼ਾਂ ਦਾ ਦੌਰਾ ਕਰਨ ਲਈ ਤਾਂ ਸਮਾਂ ਹੈ ਪਰ ਉਹ 140 ਕਰੋੜ ਭਾਰਤੀਆਂ ਦੀਆਂ ਸਮੱਸਿਆਵਾਂ ਦੂਰ ਕਰਨ ਵਿੱਚ ਅਸਫਲ ਰਹਿੰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ 10, 000 ਤੋਂ ਘੱਟ ਆਬਾਦੀ ਵਾਲੇ ਦੇਸ਼ਾਂ ਤੋਂ ਵਿਦੇਸ਼ੀ ਸਨਮਾਨ ਹਾਸਲ ਕਰਨ ਦਾ ਜਸ਼ਨ ਮਨਾ ਰਹੇ ਹਨ ਜਦੋਂ ਕਿ ਦੇਸ਼ ਦੇ ਮਹੱਤਵਪੂਰਨ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ, "ਇਹ ਦੇਸ਼ ਦੀ ਤਰਸਯੋਗ ਸਥਿਤੀ ਨੂੰ ਬਿਆਨ ਕਰਦਾ ਹੈ।"

Have something to say? Post your comment

 
 
 

ਪੰਜਾਬ

ਸੂਬਾ ਸਰਕਾਰ ਚੌਲ ਮਿੱਲਰਾਂ ਅਤੇ ਹੋਰਨਾਂ ਭਾਈਵਾਲਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ: ਮੰਤਰੀ

ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਤਾਂ ਬੇਅਦਬੀ ਕਰਨ ਵਾਲਾ ਮੰਦ ਬੁੱਧੀ ਹੀ ਕਿਉਂ ਨਿਕਲਦਾ ਹੈ..?? ਭਗਵੰਤ ਮਾਨ

ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ

ਭਰਤੀ ਕਮੇਟੀ ਨੂੰ ਮਿਲਿਆ ਵੱਡਾ ਹੁੰਗਾਰਾ,ਸਾਬਕਾ ਵਿਧਾਇਕ ਬੀਬਾ ਵਨਿੰਦਰ ਕੌਰ ਲੂੰਬਾ, ਕਰਨ ਸਿੰਘ ਡੀਟੀਓ ਅਤੇ ਮਹਿੰਦਰ ਸਿੰਘ ਲਾਲਵਾ ਨੇ ਸ਼ੁਰੂ ਕੀਤੀ ਭਰਤੀ

ਚੋਣ ਕਮਿਸ਼ਨ ਵੱਲੋਂ 8 ਰਜਿਸਟਰਡ ਗੈਰ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਨੋਟਿਸ ਜਾਰੀ: ਸਿਬਿਨ ਸੀ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਸਿੰਧ ਦਰਿਆ ਦੇ ਪਾਣੀਆਂ 'ਚੋਂ ਬਣਦਾ ਹਿੱਸਾ ਦੇਣ ਦੀ ਮੰਗ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਭਰੋਸੇ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੀਆਂ ਯੂਨੀਅਨਾਂ ਨੇ ਹੜਤਾਲ ਵਾਪਸ ਲਈ

ਲਓ ਜੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਰਾਹੀ ਮੋਟੂ ਪਤਲੂ, ਛੋਟਾ ਭੀਮ, ਡੋਰੇਮੋਨ, ਇਕ ਰਿੱਛ ਤੇ ਇਕ ਬਾਂਦਰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਪਹੁੰਚੇ

ਡਾ. ਬਲਜੀਤ ਕੌਰ ਨੇ ਲੋਕਾਂ ਨੂੰ ਬਾਲ ਵਿਆਹ ਦੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ

ਪੰਜਾਬ ਨੂੰ ਜਲਦ ਹੀ 1,000 ਨਵੇਂ ਮੈਡੀਕਲ ਅਫਸਰ ਮਿਲਣਗੇ: ਡਾ. ਬਲਬੀਰ ਸਿੰਘ